February 17, 2025
IMG-20240613-WA0015

(ਬਾਤਾਂ ਵਿਰਸੇ ਦੀਆਂ)
“ਇਹੋ ਜਿਹਾ ਸੀ ਸਾਡਾ ਬਚਪਨ”

ਸ੍ਰੀ ਮੁਕਤਸਰ ਸਾਹਿਬ,(ਵਰਿੰਦਰ ਸ਼ਰਮਾ: ਸੱਚ ਦੱਸਿਓ ਦੋਸਤੋ ਕੁੱਝ ਆਇਆ ਯਾਦ? ਮੇਰੇ ਤਾਂ ਯਾਦ ਵੀ ਆ ਗਿਆ ਤੇ ਮਨ ਵੀ ਭਰ ਆਇਆ।ਇਹ ਕੋਈ ਜ਼ਿਆਦਾ ਨਹੀਂ ਸਿਰਫ਼ ਚਾਰ ਕੁ ਦਹਾਕੇ ਪਹਿਲਾਂ ਦੀਆਂ ਈ ਗੱਲਾਂ ਨੇ, ਕੋਈ ਸੈਂਕੜੇ ਸਾਲ ਨਹੀਂ ਲੰਘੇ। ਕਿਥੋਂ ਕਿਥੇ ਪਹੁੰਚ ਗਏ ਹਾਂ ਆਪਾਂ।
ਮੈਂ ਆਪਣੀਆਂ ਸਾਰੀਆਂ ਈ ਲਿਖਤਾਂ ਵਿੱਚ ਇੱਕ ਗੱਲ ਜ਼ਰੂਰ ਲਿਖਦਾ ਹਾਂ ਕਿ ਬਦਲਾਅ ਕੁਦਰਤ ਦਾ ਨਿਯਮ ਹੈ ਇਹ ਹਰ ਹੀਲੇ ਆਉਣਾ ਹੈ,ਸੋ ਹੋ ਰਿਹਾ ਹੈ ਤੇ ਆਪਾਂ ਸਮੇਂ ਅਨੁਸਾਰ ਢਲ ਵੀ ਰਹੇ ਹਾਂ,ਪਰ ਕੀਤਾ ਕੀ ਜਾਵੇ ਜਦੋਂ ਕਿਤੇ ਇਹੋ ਜਿਹੀ ਤਸਵੀਰ ਸਾਹਮਣੇ ਆ ਜਾਂਦੀ ਹੈ ਤਾਂ ਓਹ ਬਚਪਨ ਵਾਲੇ ਸਾਰੇ ਸਮੇਂ ਅੱਖਾਂ ਮੂਹਰੇ ਇੱਕ ਫਿਲਮ ਦੀ ਤਰ੍ਹਾਂ ਘੁੰਮ ਜਾਂਦੇ ਹਨ। ਬਹੁਤੇ ਦੋਸਤ ਇਹ ਵੀ ਕਹਿ ਦਿੰਦੇ ਨੇ ਕਿ ਸ਼ਰਮਾਂ ਜੀ ਕੀ ਤੁਸੀਂ ਓਥੇ ਜਿਹੇ ਹੀ ਪੰਜਾਬ ਨੂੰ ਵੇਖਣਾ ਚਾਹੁੰਦੇ ਓਂ, ਤੇ ਕਈ ਦੋਸਤ ਜਾਂ ਵੱਡੀ ਉਮਰ ਦੀਆਂ ਮਾਵਾਂ ਭੈਣਾਂ ਗੱਲ ਕਰਦੀਆਂ ਦਾ ਗੱਚ ਭਰ ਆਉਂਦਾ ਹੈ ਤੇ ਸ਼ਾਬਾਸ਼ ਕਹਿੰਦੇ ਨੇ ਕਿ ਬਾਈ ਸਾਨੂੰ ਸਾਡਾ ਬਚਪਨ ਯਾਦ ਕਰਵਾ ਦਿੱਤਾ ਹੈ। ਮੈਂ ਕਦੇ ਵੀ ਕਿਸੇ ਦਾ ਗੁੱਸਾ ਨਹੀਂ ਕਰਦਾ ਕਿਉਂਕਿ ਹਰ ਇਨਸਾਨ ਦਾ ਦਿਮਾਗ਼ ਤੇ ਫਿਤਰਤ ਇੱਕੋ ਜਿਹਾ ਨਹੀਂ ਹੁੰਦਾ ਤੇ ਨਾਂ ਹੀ ਸੋਚਣੀ ਇੱਕ ਹੁੰਦੀ ਹੈ।
ਪਰ ਜਦੋਂ ਕਲਮ ਦਵਾਤ ਸਲੇਟੀ ਸਲੇਟ ਕਿਤਾਬਾਂ ਕਾਪੀਆਂ ਡਰੰਕ ਜਾਂ ਨਿੱਬ੍ਹ ਵਾਲਾ ਪਿੰਨ ਸੱਭ ਕੁੱਝ ਹੀ ਇੱਕੋ ਦਰੀ ਦੇ ਜਾਂ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿੱਚ ਪਾ ਲਈਦਾ ਸੀ, ਤੇ ਕਦੇ ਕਦੇ ਕਾਲੀ ਸਿਆਹੀ ਜਾਂ ਨੀਲੀ ਸਿਆਹੀ ਥੈਲੇ ਵਿੱਚ ਈ ਖੁਲ੍ਹ ਜਾਂਦੀ ਸੀ ਤੇ ਬਿਨਾਂ ਮਿਹਨਤ ਕੀਤਿਆਂ ਹੀ ਭਾਰਤ ਦੇਸ਼ ਦਾ ਨਕਸ਼ਾ ਝੋਲੇ ਤੇ ਕਾਪੀਆਂ ਕਿਤਾਬਾਂ ਤੇ ਫੱਟੀ ਤੇ ਬਣ ਜਾਂਦਾ ਸੀ, ਫਿਰ ਦਾਕੂ ਦਾਣਾ ਬਹੁਤ ਮਿਲਦਾ ਸੀ ਸਕੂਲ ਚ ਮਾਸਟਰਾਂ ਵੱਲੋਂ ਤੇ ਘਰੇ ਗਿਆਂ ਘਰਦਿਆਂ ਵੱਲੋਂ,ਪਰ ਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਈ ਦੇ। ਸਵੇਰ ਨੂੰ ਯਾਰ ਫਿਰ ਓਹੋ ਜਿਹੇ ਹੀ ਹੋ ਜਾਂਦੇ ਸੀ। ਤੜਕੇ ਉੱਠਣ ਸਾਰ ਸਿਆਹੀ ਵਾਸਤੇ ਪੈਸੇ ਵੀ ਮਿਲਣੇ ਤੇ ਆਨਾ ਦੋ ਆਨੇ ਖਰਚਾ ਵੀ ਮਿਲ ਜਾਂਦਾ ਸੀ, ਤੇ ਫਿਰ ਮੇਰੇ ਵਰਗਾ ਤਾਂ ਨਵਾਬ ਵਾਂਗ ਕਿਸੇ ਦੇ ਨਾਲ ਰਲਦਾ ਈ ਨਹੀਂ ਸੀ ਹੁੰਦਾ ਕਿਉਂਕਿ ਦੋ ਆਨੇ ਖਰਚੇ ਵਾਲੇ ਜੇਬ੍ਹ ਚ ਬੁੜਕਦੇ ਹੁੰਦੇ ਸੀ।ਪਰ ਜਦੋਂ ਕਿਤੇ ਆੜੀ ਤੋਂ ਡੁੱਲ੍ਹੀ ਸਿਆਹੀ ਤੋਂ ਬਾਅਦ ਟੋਬਾ ਮੰਗੀਦਾ ਸੀ ਓਦੋਂ ਵੀ ਮੂੰਹ ਤੇ ਦੁਪਹਿਰ ਦੇ ਬਾਰਾਂ ਵੱਜੇ ਹੁੰਦੇ ਸੀ।
ਸੋ ਦੋਸਤੋ ਗੱਲਾਂ ਸਮੇਂ ਸਮੇਂ ਦੀਆਂ ਹੁੰਦੀਆਂ ਨੇ ਓਹ ਸਮੇਂ ਈ ਨਿਵੇਕਲੇ ਸਨ।ਪਿਆਰ ਮੁਹੱਬਤ ਸਾਰੇ ਕਰਦੇ ਸਨ। ਜੇਕਰ ਓਨਾਂ ਸਮਿਆਂ ਦੀ ਤੁਲਨਾ ਅਜੋਕੇ ਸਮੇਂ ਨਾਲ ਕਰੀਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ, ਹੁਣ ਜੇ ਬੱਚੇ ਨੂੰ ਭੁੱਲ ਭੁਲੇਖੇ ਨਾਲ ਕੁੱਝ ਕਹਿ ਵੀ ਲਈਏ ਤਾਂ ਅਗਲੇ ਹੀ ਪਲ ਬੱਚੇ ਮਰਨ ਮਰਾਉਣ ਲਈ ਤੁਰ ਪੈਂਦੇ ਨੇ ਤੇ ਫਿਰ ਮਿਨਤਾਂ ਤਰਲਿਆਂ ਨਾਲ ਮਸਾਂ ਮਨਾਈਦਾ ਹੈ।ਓਹ ਗੱਲ ਵੱਖਰੀ ਹੈ ਇੱਕੀਵੀਂ ਸਦੀ ਵਿਚ ਬਹੁਤ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਲਈਆਂ ਹਨ,ਪਰ ਇੰਟਰਨੈੱਟ ਦੇ ਪ੍ਰਭਾਵ ਕਾਰਨ ਜ਼ਿਆਦਾ ਤਰ ਬੱਚੇ ਗਲਤ ਕਦਮ ਪੱਟਣ ਨੂੰ ਇੱਕ ਮਿੰਟ ਲਾਉਂਦੇ ਨੇ। ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਮਿਹਨਤੀ ਵੀ ਹਨ ਜੋ ਮਾਂ ਬਾਪ ਦੇ ਕਹਿਣੇ ਤੋਂ ਬਿਲਕੁਲ ਬਾਹਰ ਨਹੀਂ ਜਾਂਦੇ ਵਾਹਿਗੁਰੂ ਸਭਨਾਂ ਨੂੰ ਸੁਮੱਤ ਬਖਸ਼ੇ।
ਪਰ ਜੇਕਰ ਲੰਘੇ ਆਪਣੇ ਬਚਪਨ ਤੇ ਝਾਤ ਮਾਰੀਏ ਤਾਂ ਘਰੋਂ ਥੱਲੇ ਵਿਛਾਉਣ ਲਈ ਬੋਰੀ ਲੈ ਕੇ ਜਾਣੀ, ਜੇਕਰ ਬਾਰਸ਼ ਆ ਜਾਣੀ ਤਾਂ ਓਸੇ ਦੀ ਛਤਰੀ ਬਣਾ ਲੈਣੀ ਤੇ ਬਾਰਸ਼ ਹਟ ਜਾਣੀ ਤਾਂ ਫੋਲਡਿੰਗ ਕਰ ਲੈਣੀ ਜਿਵੇਂ ਫੋਟੋ ਵਿੱਚ ਹੈ। ਤੇ ਸਾਡੀ ਫੱਟੀ ਹੀ ਸਾਡਾ ਓਹਨਾਂ ਸਮਿਆਂ ਦਾ ਲੈਪਟਾਪ ਹੋਇਆ ਕਰਦਾ ਸੀ,ਜਿਸ ਨੂੰ ਅਸੀਂ ਕੱਛ ਵਿੱਚ ਲੈ ਲੈਣਾ ਜਿਵੇਂ ਅਜੋਕੇ ਸਮੇਂ ਦੇ ਜ਼ਿਆਦਾ ਪੜੇ ਲਿਖੇ ਅਪਟੂਡੇਟ ਬੱਚੇ ਲੈਪਟਾਪ ਨੂੰ ਲੈਂਦੇ ਹਨ,ਪਰ ਸਾਡੇ ਲੈਪਟਾਪ ਨੂੰ ਭਿੱਜਣ ਦਾ ਕੋਈ ਡਰ ਨਹੀਂ ਪਰ ਉਸ ਦੇ ਉਲਟ ਜੇਕਰ ਅੱਜ ਦਾ ਲੈਪਟਾਪ ਭਿਜ ਜਾਵੇ ਤਾਂ ਓਹਦਾ ਰਹਿੰਦਾ ਈ ਕੁੱਝ ਨਹੀਂ,ਸੀ ਨਾਂ ਫਿਰ ਹੋਇਆ ਨਾਂ ਸਾਡਾ ਓਹ ਬਚਪਨ ਅਜੋਕੇ ਬਚਪਨ ਤੋਂ ਹਜ਼ਾਰਾਂ ਦਰਜੇ ਚੰਗਾ। ਅਜੋਕੀ ਅਗਾਂਹਵਧੂ ਨੌਜ਼ਵਾਨੀ ਬੇਸ਼ੱਕ ਨਾ ਮੰਨੇ ਪਰ ਸਾਡਾ ਓਹ ਬਚਪਨ ਅਜੋਕੇ ਬਚਪਨ ਤੋਂ ਸਾਨੂੰ ਤਾਂ ਬਹੁਤ ਚੰਗਾ ਲਗਦਾ ਸੀ। ਮਿੱਟੀ ਵਿੱਚ ਖੇਡਣ ਦਾ ਖੇਤਾਂ ਚੋ ਗੰਨੇ ਚੂਪਣ ਦਾ ਛੱਲੀਆਂ ਭੁੰਨ ਕੇ ਖਾਣ ਦਾ ਮਨ੍ਹਿਆਂ ਤੇ ਚੜ੍ਹਕੇ ਤੋਤੇ ਕਾਂ ਉਡਾਉਣ ਦਾ ਵੱਖਰਾ ਨਜ਼ਾਰਾ ਹੁੰਦਾ ਸੀ। ਜੇਕਰ ਇਹ ਗੱਲਾਂ ਅਜੋਕੀ ਪੀੜ੍ਹੀ ਨੂੰ ਪੁੱਛੀਆਂ ਜਾਣ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਓਹਨਾਂ ਨੂੰ ਇਨ੍ਹਾਂ ਗੱਲਾਂ ਦਾ ਕੋਈ ਇਲਮ ਨਹੀਂ ਹੈ, ਹੋਲਾਂ ਭੁੰਨ ਕੇ ਖਾਣੀਆਂ,ਸਾਰਾ ਸਾਰਾ ਦਿਨ ਛੁੱਟੀ ਵਾਲੇ ਦਿਨ ਗੋਲੀਆਂ ਬੰਟਿਆਂ ਨਾਲ ਖੇਡੀ ਜਾਣਾ,ਸਿਆਲ ਵਿੱਚ ਉੱਪਰ ਲਏ
ਟੋਟੇ ਖੇਸ ਭੁੱਲ ਜਾਂਦੇ ਗੁਆ ਲੈਣੇ ਤੇ ਘਰੇ ਗਿਆਂ ਦੀ ਚੁਲ੍ਹੇ ਵਾਲੇ ਚਿਮਟੇ ਨਾਲ ਜਾਂ ਫੂਕਣੇ ਨਾਲ ਜਾਂ ਫਿਰ ਬੇਬੇ ਦੇ ਹੱਥ ਕੁੱਝ ਵੀ ਆ ਜਾਂਦਾ ਓਹਦੇ ਨਾਲ ਪੂਰੀ ਸਰਵਿਸ ਹੋ ਜਾਇਆ ਕਰਦੀ ਸੀ। ਦੋਸਤੋ ਇਹ ਸਾਰੀਆਂ ਗੱਲਾਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਅਚਨਚੇਤ ਹੀ ਇਸ ਲੇਖ ਵਿੱਚ ਲੱਗੀ ਫੋਟੋ ਨੇ ਯਾਦ ਕਰਵਾ ਦਿੱਤੀਆਂ ਨੇ, ਤੇ ਪਿੰਡੇ ਤੇ ਹੰਢਾਈਆਂ ਵੇ ਹਨ।ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਬਚਪਨ ਵਾਪਸ ਤਾਂ ਨਹੀਂ ਆ ਸਕਦਾ,ਪਰ ਅਜੋਕੀ ਨੌਜ਼ਵਾਨ ਪੀੜ੍ਹੀ ਨੂੰ ਇਹੋ ਜਿਹਾ ਬਚਪਨ ਦੇ ਜ਼ਰੂਰ ਦਿਓ ਸੱਚੇ ਪਾਤਸ਼ਾਹ ਜੀ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556