November 14, 2024

ਹਿਮਾਚਲ -( ਸਿਕੰਦਰ ਮਨਸੂਰਾਂ )ਊਨਾ ਸਾਹਿਬ ਨਗਰੀ ਨੂੰ ਇਹ ਮਾਣ ਹਾਸਿਲ ਹੈ ਕਿ ਖ਼ਾਲਸਾ ਰਾਜ ਦੇ ਸੂਤਰਧਾਰ ਬਾਬਾ ਸਾਹਿਬ ਸਿੰਘ ਜੀ ਬੇਦੀ ਇਸ ਦੇ ਸੰਸਥਾਪਕ ਹਨ। ਬਾਬਾ ਜੀ ਨੇ ਇਸ ਨਗਰ ਨੂੰ ਵਸਾ ਕੇ ਧਾਰਮਿਕ, ਆਰਥਿਕ ਤੇ ਰਾਜਨੀਤਕ ਤੌਰ ਤੇ ਅਹਿਮ ਬੁਲੰਦੀਆਂ ਵੀ ਪ੍ਰਦਾਨ ਕੀਤੀਆਂ। ਇਹ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਰੂਹਾਨੀ ਅਸੀਸਾਂ ਨਾਲ ਵਸਿਆ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦੀ ਵੰਸ਼ ਦੇ ਇਥੇ ਵਾਸਾ ਕਰਨ ਨਾਲ ਵੀ ਇਹ ਨਗਰ ਅਤਿਅੰਤ ਇਤਿਹਾਸਕ ਮਹਤੱਤਾ ਰੱਖਦਾ ਹੈ।
ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਸਮੇਂ ਇਸ ਨਗਰ ਨੇ ਬਹੁਤ ਤਰੱਕੀ ਕੀਤੀ। ਬਾਬਾ ਜੀ ਨੇ ਜਿਥੇ ਇਸ ਨਗਰ ਵਿਚ ਕਿਲ੍ਹਾ, ਮਹੱਲ, ਅਟਾਰੀਆਂ ਤੇ ਬਜ਼ਾਰਾਂ ਦਾ ਨਿਰਮਾਣ ਕਰਵਾਇਆ ਓਥੇ ਸਰੋਵਰ, ਮੰਦਰ,ਸ਼ਿਵਾਲੇ, ਚੌਰਾਸੀ ਪੌੜੀਆਂ ਵਰਗੇ ਹੋਰ ਵੀ ਕਈ ਮਹੱਤਵਪੂਰਨ ਨਿਰਮਾਣ ਕਾਰਜ ਕਰਵਾਏ।
ਬਾਬਾ ਜੀ ਦੇ ਖ਼ਾਲਸਾਈ ਜੀਵਨ ਅਤੇ ਪਰਉਪਕਾਰੀ ਕਾਰਜਾਂ ਕਰਕੇ ਅਨੇਕਾਂ ਸੰਗਤਾਂ,ਸਾਧੂ ਸੰਤ ਮਹਾਤਮਾਵਾਂ ਦੀਆਂ ਮੰਡਲੀਆਂ ਤੇ ਉਸ ਸਮੇਂ ਦੇ ਪ੍ਰਭਾਵਸ਼ਾਲੀ ਲੋਕ ਉਹਨਾਂ ਦੇ ਦਰਸ਼ਣ ਕਰਨ ਵਾਸਤੇ ਆਉਂਦੇ ਤੇ ਇਸ ਨਗਰ ਵਿਚ ਹਮੇਸ਼ਾਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ।
ਸੰਗਤਾਂ ਦੀ ਵੱਡੀ ਇਕੱਤਰਤਾ ਨੂੰ ਧਿਆਨ ਵਿੱਚ ਰਖਦਿਆਂ ਬਾਬਾ ਜੀ ਨੇ ਖੁੱਲ੍ਹੇ ਅਸਥਾਨ ਦੀ ਸਹੂਲੀਅਤ ਲਈ ਬਾਬਾ ਬੀਰ ਸਿੰਘ ਜੀ ਨੌਰੰਗਬਾਦ ਅਤੇ ਅਨੇਕਾਂ ਸਾਧੂ ਜਨਾਂ ਤੋਂ ਦਮਦਮਾ ਅਸਥਾਨ ਨਿਰਮਾਣ ਕਰਵਾਇਆ ਤੇ ਜਲ ਦੀ ਸਹੂਲਤ ਵਾਸਤੇ ਖੂਹ ਵੀ ਲਗਵਾਏ।
ਸੰਨ 1817 ਵਿੱਚ ਬਾਬਾ ਸਾਹਿਬ ਸਿੰਘ ਜੀ ਬੇਦੀ ਸੰਗਤਾਂ ਤੇ ਜਪੀ ਤਪੀ ਸਾਧੂਆਂ ਨੂੰ ਪ੍ਰੇਰਨਾ ਕਰਕੇ ਇਕ ਸੁੰਦਰ ਸਰੋਵਰ ਦਾ ਨਿਰਮਾਣ ਕਰਵਾਇਆ, ਜੋ 1824 ਈਸਵੀ ਤੱਕ ਸੰਪੂਰਨ ਹੋਇਆ। ਇਸ ਸਰੋਵਰ ਦਾ ਨਾਮ “ਸ੍ਰੀ ਗੁਰੂ ਸਰ” ਸਰੋਵਰ ਰੱਖਿਆ। ਇਸ ਸਰੋਵਰ ਦੇ ਨਿਰਮਾਣ ਵਿੱਚ ਸੇਵਾ ਪੰਥੀ,ਉਦਾਸੀ, ਨਿਰਮਲੇ,ਨਿਹੰਗ ਸਿੰਘ ਅਤੇ ਸਨਾਤਨੀ ਮਤ ਨਾਲ ਸੰਬੰਧ ਰੱਖਣ ਵਾਲੇ ਅਨੇਕਾਂ ਹੀ ਜਪੀ ਤਪੀ ਮਹਾਂਪੁਰਸ਼ਾਂ ਨੇ ਆਪਣਾ ਯੋਗਦਾਨ ਪਾਇਆ। ਵਿਸ਼ੇਸ਼ ਕਰਕੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨੇ ਸਰੋਵਰ ਨਿਰਮਾਣ ਦੀ ਜ਼ਿੰਮੇਵਾਰੀ ਦੀ ਵੱਡੀ ਸੇਵਾ ਨਿਭਾਈ। ਇਸ ਸਰੋਵਰ ਦੇ ਨਿਰਮਾਣ ਵਿੱਚ ਇੱਕ ਇੱਕ ਪੱਥਰ ਸੰਤਾਂ ਸਾਧੂਆਂ ਵਲੋਂ ਗੁਰਬਾਣੀ ਪਾਠ ਤੇ ਗੁਰਮੰਤਰ ਮੂਲਮੰਤਰ ਦਾ ਜਾਪ ਕਰਕੇ ਲਗਾਇਆ ਗਿਆ। ਇਸ ਸਰੋਵਰ ਦੀ ਉਸਾਰੀ ਵਿੱਚ ਬਾਬਾ ਜੀ ਦੇ ਪਰਵਾਰ (ਸਾਹਿਬਜ਼ਾਦਿਆਂ ਤੇ ਮਾਤਾਵਾਂ) ਨੇ ਆਪਣੇ ਹੱਥੀਂ ਕਾਰਸੇਵਾ ਕੀਤੀ। ਸਰੋਵਰ ਦੀ ਸੰਪੂਰਨ ਉਸਾਰੀ ਤੋਂ ਬਾਅਦ ਇਸ ਵਿੱਚ ਸਾਰੇ ਗੁਰਤੀਰਥਾਂ ਦਾ ਜਲ ਪਾਇਆ ਗਿਆ ਤੇ ਨਾਲ ਹੀ ਸਨਾਤਨੀ ਸਾਧੂਆਂ ਦੀ ਸ਼ਰਧਾ ਇਸ ਸਰੋਵਰ ਨਾਲ ਜੁੜਨ ਕਰਕੇ ੬੮ ਤੀਰਥਾਂ ਦਾ ਜਲ ਵੀ ਸੰਮਿਲਿਤ ਕੀਤਾ। ਬੇਅੰਤ ਜਲ ਦੀ ਪ੍ਰਾਪਤੀ ਹੋਈ।ਬਾਬਾ ਜੀ ਨੇ ਬਚਨ ਕੀਤਾ ਜੋ ਵੀ ਪ੍ਰਾਣੀ ਮਾਤਰ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੇਗਾ,ਉਸ ਦੇ ਤਨ ਮਨ ਦਾ ਹਰ ਰੋਗ ਦੂਰ ਹੋ ਜਾਵੇਗਾ।ਸੰਗਤਾਂ ਨੇ ਇਸ਼ਨਾਨ ਕਰਕੇ ਤਨ ਮਨ ਅਰੋਗ ਕੀਤੇ।
ਥੋੜੇ ਸਮੇਂ ਵਿੱਚ ਹੀ ਇਸ ਗੱਲ਼ ਦਾ ਪ੍ਰਤੱਖ ਪ੍ਰਮਾਣ ਵੀ ਇਤਿਹਾਸ ਵਿਚ ਦਰਜ ਹੋ ਗਿਆ। ਜਦੋਂ ਇੱਕ ਵਾਰ ਦੇਸ਼ ਵਿੱਚ ਭਿਆਨਕ ਬਿਮਾਰੀ ਫੈਲ ਗਈ, ਉਸਦਾ ਨਗਰ ਊਨਾ ਸਾਹਿਬ ਵਿੱਖੇ ਵੀ ਹੋਇਆ। ਬਹੁਤ ਸਾਰੇ ਲੋਕਾਂ ਦੀ ਜਾਨ ਬਿਮਾਰੀ ਨਾਲ ਚਲੇ ਗਈ ਤਾਂ ਨਗਰ ਨਿਵਾਸੀਆਂ ਤੇ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਡੀ ਰੱਖਿਆ ਕਰੋ, ਅਸੀਂ ਸਾਰੇ ਸੰਕਟ ਵਿੱਚ ਹਾਂ। ਤਾਂ ਬਾਬਾ ਜੀ ਨੇ ਫੁਰਮਾਇਆ। ਗੁਰੂ ਸਰ ਸਰੋਵਰ ਦਾ ਜਲ ਸੇਵਨ ਕਰੋ, ਸਾਰੇ ਨਗਰ ਵਿਚ ਉਸਦਾ ਛਿੜਕਾਅ ਕਰੋ ਤੇ ਜਲ ਬਿਮਾਰਾਂ ਨੂੰ ਪਿਲਾਓ। ਜ਼ਰੂਰਤਮੰਦ ਗਰੀਬਾਂ ਦਾ ਭਲਾ ਕਰਕੇ ਉਹਨਾਂ ਦੀਆਂ ਅਸੀਸਾਂ ਲਵੋ। ਐਸਾ ਹੀ ਕੀਤਾ ਗਿਆ ਤਾਂ ਦੁੱਖ ਦੂਰ ਹੋ ਗਏ ਤੇ ਸੁੱਖ ਸ਼ਾਂਤੀ ਹੋ ਗਈ। ਸਾਰੇ ਦੇਸ਼ ਵਿੱਚੋਂ ਦੂਰ ਦੂਰ ਤੋਂ ਲੋਕ ਆਉਂਦੇ ਤੇ ਜਲ ਲਿਜਾ ਕੇ ਰੋਗੀਆਂ ਨੂੰ ਪਿਆ ਕੇ ਓਹਨਾਂ ਦਾ ਦੁੱਖ ਰੋਗ ਦੂਰ ਕਰਦੇ ਰਹੇ। ਬਾਬਾ ਜੀ ਦੇ ਸੇਵਕ ਭਾਈ ਦੁਨਾ ਸਿੰਘ ਦੀ ਬਿਮਾਰੀ ਵੀ ਇਸ ਸਰੋਵਰ ਦੇ ਜਲ ਨਾਲ ਦੂਰ ਹੋਈ। ਬਾਬਾ ਜੀ ਦੇ ਕੁੜਮ ਸਰਦਾਰ ਕਾਹਨ ਸਿੰਘ ਜੀ ਵੀ ਇਸ ਮਹਾਂ ਮਾਰੀ ਦਾ ਸ਼ਿਕਾਰ ਹੋ ਗਏ ਸਨ। ਉਹਨਾਂ ਵਾਸਤੇ ਵੀ ਸਰੋਵਰ ਦਾ ਜਲ ਭੇਜਿਆ ਗਿਆ ਸੀ। ਇਸ ਜਲ ਨਾਲ ਉਹ ਤੰਦਰੁਸਤ ਹੋ ਕੇ ਓਹਨਾਂ ਨੇ ਊਨਾ ਸਾਹਿਬ ਆ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕੀਤਾ।
ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਬਖਸ਼ਿਸ਼ ਨਾਲ ਬਿਅੰਤ ਜਪੀ ਤਪੀ ਮਹਾਤਮਾਵਾਂ ਵਲੋਂ ਬਣਾਇਆ ਗਿਆ “ਗੁਰੂ ਸਰ ਸਰੋਵਰ”ਵੱਡੀ ਮਹਿਮਾ,ਪ੍ਰਤਿਸ਼ਠਾ ਤੇ ਗੁਰ ਕ੍ਰਿਪਾ ਦੀ ਸ਼ਕਤੀ ਦਾ ਪ੍ਰਤੀਕ ਹੈ। ਅੱਜ ਵੀ ਸ਼ਰਧਾਵਾਨ ਸਿੱਖਾਂ ਦੇ ਦੁੱਖ ਇਸ ਸਰੋਵਰ ਦੇ ਜਲ ਤੇ ਬਾਣੀ ਦੇ ਪ੍ਰਤਾਪ ਨਾਲ ਦੂਰ ਹੁੰਦੇ ਹਨ। ਚਰਮ ਰੋਗ ਤੇ ਜਦੋਂ ਕੋਈ ਦਵਾਈ ਅਸਰ ਨਾ ਕਰੇ ਤਾਂ ਇਸ ਦੇ ਜਲ ਨਾਲ ਇਸ਼ਨਾਨ ਕਰਕੇ ਦਵਾਈ ਵੀ ਅਸਰ ਕਰਦੀ ਹੈ।
ਤਕਰੀਬਨ ੫੦-੫੫ ਸਾਲ ਦੇ ਅਰਸੇ ਤੋਂ ਬਾਅਦ ਇਸ ਮਹਾਨ ਤੇ ਪਵਿੱਤਰ ਸਰੋਵਰ ਦੀ ਸਫ਼ਾਈ ਦੀ ਕਾਰ ਸੇਵਾ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਦੀ ਅਗਵਾਈ ਵਿੱਚ ਆਰੰਭ ਹੋ ਚੁੱਕੀ ਹੈ। ਕ੍ਰਿਪਾ ਕਰਕੇ ਸਾਰੀ ਸੰਗਤ ਤਨੋਂ ਮਨੋਂ ਧਨੋਂ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਹਿੱਸਾ ਪਾ ਕੇ ਵਡਭਾਗੇ ਬਣੋ ਜੀ।