ਜਲੰਧਰ- (ਸੰਜੀਵ ਸ਼ਰਮਾ): ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਸਮੇਤ ਡੀਜਲ ਅਤੇ ਪੈਟਰੋਲ ਦੀਆ ਦਰਾਂ ਵਿੱਚ ਵਾਧਾ ਕਰਕੇ ਸੂਬੇ ਦੇ ਲੋਕਾਂ ਤੇ ਹੋਰ ਆਰਥਿਕ ਬੋਝ ਪਾ ਦਿੱਤਾ ਹੈ।ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਨਾਂ ਵੱਲੋਂ ਬਿਜਲੀ ਦੀਆਂ ਦਰਾਂ ਵਿੱਚ ਤਿੰਨ ਰੁਪਏ ਪ੍ਰਤੀ ਯੂਨਿਟ ਦਿੱਤੀ ਰਿਆਇਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖਤਮ ਕਰਕੇ ਬਿਜਲੀ ਦੀਆ ਦਰਾਂ ਵਿੱਚ ਵਾਧਾ ਕਰਕੇ ਲੋਕਾਂ ਤੇ ਹੋਰ ਬੋਝ ਵਧਾ ਦਿੱਤਾ ਹੈ।ਉਨਾਂ ਕਿਹਾ ਕਿ 111 ਦਿਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਨਾਂ ਵੱਲੋਂ 100 ਯੂਨਿਟ ਤੱਕ 4.19 ਰੁਪਏ ਤੋਂ ਘਟਾ ਕੇ 1.19 ਰੁਪਏ ਪ੍ਰਤੀ ਯੂਨਿਟ ਕਰ ਦਿੱਤੇ ਗਏ ਸਨ ਜਦ ਕਿ 101 ਤੋਂ 300 ਯੂਨਿਟ ਤੱਕ 7 ਰੁਪਏ ਤੋਂ ਘਟਾ ਕੇ 4 ਰੁਪਏ ਅਤੇ 300 ਯੂਨਿਟ ਤੋਂ ਉਪਰ ਸੱਤ ਕਿਲੋਵਾਟ ਤੱਕ ਦੇ ਘਰੈਲੂ ਖਪਤਕਾਰਾ ਨੂੰ 8.76 ਰੁਪਏ ਤੋਂ ਘਟਾ ਕੇ 5.76 ਰੁਪਏ ਪ੍ਰਤੀ ਯੂਨਿਟ ਬਿਜਲੀ ਉਪਲੱਬਧ ਕਰਵਾਈ ਸੀ ਜਿਸਦੇ ਨਾਲ ਸੂਬੇ ਦੇ 72 ਲੱਖ ਉਪਭੋਗਤਾਵਾਂ ਵਿੱਚੋਂ 69 ਲੱਖ ਉਪਭੋਗਤਾਵਾਂ ਨੂੰ ਸਿੱਧਾ ਫਾਇਦਾ ਮਿਲਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਰੀਆਂ ਰਿਆਇਤਾਂ ਨੂੰ ਖਤਮ ਕਰ ਦਿੱਤਾ ਹੈ ਜਿਸਦੇ ਨਾਲ ਹੁਣ 600 ਯੂਨਿਟ ਤੋਂ ਉਪਰ ਬਿਜਲੀ ਦਾ ਭੁਗਤਾਨ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲ ਜਿਆਦਾ ਬਿਲ ਦਾ ਭੁਗਤਾਨ ਕਰਨਾ ਪਵੇਗਾ।ਉੇਨਾਂ ਕਿਹਾ ਕਿ ਸਰਕਾਰ ਨੇ ਮੁਫਤ ਬਿਜਲੀ ਦੇਣ ਦਾ ਬੋਝ ਹੁਣ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਤੇ ਪਾ ਦਿੱਤਾ ਹੈ ਜਿਸਦੇ ਨਾਲ ਸੂਬੇ ਦੇ ਲੱਖਾਂ ਲੋਕਾਂ ਤੇ ਆਰਥਿਕ ਬੋਝ ਵਧੇਗਾ।ਉਨਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਮੁਫਤ ਬਿਜਲੀ ਦਾ ਡਰਾਮਾ ਕਰ ਰਹੀ ਹੈ ਜਦ ਕਿ ਗਰੀਬ ਲੋਕਾਂ ਦੇ ਹਜਾਰਾ ਅਤੇ ਲੱਖਾਂ ਰੁਪਏ ਦੇ ਬਿਜਲੀ ਬਿਲ ਆ ਰਹੇ ਤੇ ਨਾਂ ਭੁਗਤਾਨ ਕਰ ਸਕਣ ਵਾਲੇ ਲੋਕਾਂ ਵੱਲੋਂ ਪੀ.ਐਸ.ਪੀ.ਸੀ.ਐੱਲ ਦਾ ਲੱਖਾਂ ਰੁਪਏ ਦਾ ਬਕਾਇਆ ਖੜਾ ਹੋ ਗਿਆ ਹੈ।ਜਦ ਕਿ ਉਨਾਂ ਮੁੱਖ ਮੰਤਰੀ ਰਹਿੰਦਿਆ ਜੋ ਬਕਾਏ ਮਾਫ ਕੀਤੇ ਸਨ ਉਹ ਵੀ ਹੁਣ ਲੋਕਾਂ ਤੇ ਦੁਬਾਰਾ ਖੜੇ ਹੋ ਗਏ ਹਨ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਮਈ 2023 ਅਤੇ ਮਈ 2024 ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰ ਚੁੱਕੀ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਸਤੀ ਬਿਜਲੀ ਦੇਣ ਦੇ ਵਾਦੇ ਤੋ ਭੱਜ ਗਈ ਹੈ ਜਦ ਕਿ ਸਰਕਾਰ ਵੱਲੋਂ ਬਿਜਲੀ ਦੇ ਵਧਾਏ ਗਏ ਰੇਟ ਦੇ ਨਾਲ ਲੋਕਾਂ ਦੇ ਘਰ ਦਾ ਬਾਕੀ ਖ਼ਰਚ ਚਲਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿਉਂ ਕਿ ਜ਼ਿਆਦਾਤਰ ਪੇਸ਼ੇ ਤਾਂ ਬਿਜਲੀ ਬਿੱਲ ਦੀ ਅਦਾਇਗੀ ਚ ਹੀ ਚਲੇ ਜਾਣਗੇ।ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਸਮਝੌਤੇ ਰੱਦ ਕਰਨ ਦੇ ਕੇਸ ਦੀ ਕੋਈ ਪੈਰਵਾਈ ਨਹੀ ਕੀਤੀ ਜਦ ਕਿ ਇਕ ਮਰਿਆ ਹੋਇਆ ਘਾਟੇ ਵਾਲਾ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਰਾਸ਼ੀ ਦਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਲੈ ਕੇ ਪੰਜਾਬ ਦੇ ਗੱਲ ਪਾ ਦਿੱਤਾ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਤੇ ਵੈਟ ਵਧਾ ਕੇ ਵੀ ਸਰਕਾਰ ਨੇ ਸੂਬੇ ਦੇ ਲੋਕਾਂ ਤੇ ਬੋਝ ਵਧਾਇਆ ਹੈ।ਉਨਾਂ ਕਿਹਾ ਕਿ ਡੀਜਲ ਦੇ ਭਾਅ ਵਧਣ ਦਾ ਅਸਰ ਜਿੱਥੇ ਕਿ ਹਰ ਖਾਣ ਪੀਣ ਵਾਲੀ ਵਸਤੂ ਤੇ ਪਵੇਗਾ ਉਥੇ ਹੀ ਕਿਸਾਨਾ ਤੇ ਵੀ ਇਹ ਵਾਧੂ ਬੋਝ ਪਵੇਗਾ।ਚੰਨੀ ਨੇ ਕਿਹਾ ਕਿ ਜਦੋਂ ਵੀ ਕਿਸਾਨ ਨੂੰ ਡੀਜਲ ਦੀ ਜਰੂਰਤ ਪੈਂਦੀ ਹੈ ਉਦੋਂ ਹੀ ਸਰਕਾਰ ਡੀਜਲ ਦੇ ਭਾਅ ਵਧਾ ਦਿੰਦੀ ਹੈ।ਉਨਾਂ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਵਿੱਚ ਤਾਂ ਫੇਲ ਸਾਬਤ ਹੋਈ ਹੈ ਪਰ ਲੋਕਾਂ ਤੇ ਬੋਝ ਵਧਾਉਣ ਵਿੱਚ ਪਾਸ ਸਾਬਤ ਹੋਈ ਰਹੀ ਜਿਸ ਦੇ ਕਾਰਨ ਇਹ ਸਰਕਾਰ ਲੋਕਾਂ ਦੇ ਮਨਾਂ ਤੋਂ ਉਤਰ ਚੁੱਕੀ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਦੇ ਲੋੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਰਾਜ ਦੇਣ ਸਮੇਤ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਬਦਲਾਅ ਲਿਆਉਣ ਦੇ ਦਾਵੇ ਕਰਕੇ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅੱਜ ਭ੍ਰਿਸ਼ਟਾਚਾਰ ਵੀ ਸਿਖਰਾਂ ਤੇ ਹੈ ਅਤੇ ਨਾਂ ਤਾਂ ਹਸਪਤਾਲਾ ਵਿਚ ਲੋੜੀਦੇਂ ਡਾਕਟਰ ਅਤੇ ਨਾਂ ਹੀ ਸਕੂਲਾਂ ਵਿੱਚ ਲੋੜੀਂਦੇ ਅਧਿਆਪਕ ਹਨ।